Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਾਲਾ ਫੇਰਨਾ ਤੇ ਜਪਨੀ

ਸਿੱਖਾਂ ਦੇ ਘਰਾਂ ਵਿੱਚ ਲੱਗੀਆਂ ਗੁਰੂਆਂ ਦੀ ਪੇਂਟਿੰਗ ਵਿੱਚ ਅਕਸਰ ਗੁਰੂਆਂ ਦੇ ਹੱਥ ਵਿੱਚ ਮਾਲਾ ਫੜੀ ਦਿਸਦੀ ਹੈ। ਕਈ ਸਿੱਖ ਪ੍ਰਚਾਰਕ ਜੱਥੇਦਾਰ ਵੀ ਹੱਥ ਵਿੱਚ ਮਾਲਾ ਫੜੀ ਵਿਖ ਜਾਂਦੇ ਹਨ। ਇੰਝ ਜਾਪਦਾ ਹੈ ਜਿਵੇਂ ਮਾਲਾ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਦੇ ਹਾਂ ਕੇ ਗੁਰਮਤਿ ਗਿਆਨ, ਸੋਝੀ ਲਈ ਜਾਂ ਨਾਮ ਜਪਣ ਲਈ ਸੰਸਾਰੀ, ਕਾਠ ਦੀ ਮਾਲਾ ਜਾਂ ਜਪਨੀ ਸਹਾਇਕ ਹੈ ਜਾਂ ਨਹੀਂ।

ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕੇ ਨਾਮ ਕੀ ਹੈ ਤੇ ਨਾਮ ਜਪਣਾ ਦੀ ਗੁਰਮਤਿ ਵਿਧੀ ਕੀ ਹੈ। ਅਸੀਂ ਆਸ ਕਰਦੇ ਹਾਂ ਕੇ ਜੇ ਤੁਸੀਂ ਇਹ ਲੇਖ ਨਹੀਂ ਪੜੇ ਤਾਂ ਪਹਿਲਾਂ ਇਹ ਲੇਖ ਪੜ੍ਹ ਲਵੋ

ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?

ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਗੁਰਮਤਿ ਅਧਿਆਤਮਿਕ ਗਿਆਨ ਹੈ। ਆਪਣੇ ਆਪ ਦੀ ਪਹਿਚਾਨ ਕਰਨਾ, ਪਰਮੇਸਰ ਨੂੰ ਉਸਦੇ ਗੁਣਾਂ ਰਾਹੀ ਪ੍ਰਾਪਤ ਕਰਨ ਦੀ ਵਿਧੀ। ਜੇ ਉਪਰੋਕਤ ਲੇਖ ਤੁਸੀਂ ਪੜ੍ਹੇ ਹਨ ਤਾਂ ਸਮਝ ਹੀ ਗਏ ਹੋਣੇ ਕੇ ਪਰਮੇਸਰ ਨੂੰ ਇੱਕ ਨਾਮ ਨਾਲ ਪੁਕਾਰ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਰੱਟਣਾ ਨਾਮ ਜਪਣਾ ਹੈ। ਫੇਰ ਮਾਲਾ ਜਾਂ ਮਾਲਾ ਫੇਰਨ ਬਾਰੇ ਗੁਰਬਾਣੀ ਦਾ ਕੀ ਕਹਿਣਾ ਹੈ।

ਭਗਤ ਨਾਮ ਦੇ ਜੀ ਮਹਾਰਾਜ ਆਖਦੇ ਹਨ “ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥੩॥” – ਤੇਰਾ ਨਾਮ ਭਾਵ ਸੋਝੀ ਹੀ ਤਾਗਾ ਹੈ ਤੇ ਨਾਮ ਹੀ ਤੇਰਾ ਫੂਲ ਮਾਲਾ ਹੈ। ਕਹਿਣ ਦਾ ਭਾਵ ਬਾਹਰੀ ਫੁਲਾਂ ਦੀ ਮਾਲਾ ਦੀ ਲੋੜ ਨਹੀਂ। ਸੋਝੀ ਹੀ ਮਾਲਾ ਹੈ। ਜੇ ਨਾਮ ਫੁੱਲਾਂ ਦੀ ਮਾਲਾ ਹੈ ਤਾਂ ਫੇਰ ਹੱਥ ਵਿੱਚ ਫੜੀ ਮਣਕਿਆਂ ਦੀ ਮਾਲਾ ਕਿਵੇਂ ਲਾਭਦਾਇਕ ਹੋ ਸਕਦੀ ਹੈ। ਅੱਗੇ ਹੋਰ ਪ੍ਰਮਾਣ ਵੇਖਦੇ ਹਾਂ।

ਭਗਤ ਕਬੀਰ ਜੀ ਆਖਦੇ “ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ॥ ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ॥੧॥ ਹਮਾਰੇ ਕੁਲ ਕਉਨੇ ਰਾਮੁ ਕਹਿਓ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ॥੧॥” – ਰੋਜ ਸਵੇਰੇ ਉੱਠ ਕੇ ਕੋਰੀ ਗਾਹਰ ਭਰ ਕੇ ਲਿਆ ਕੇ ਥਾਂ ਲਿਪਦੇ ਸੀ ਜਿੱਥੇ ਬਹਿ ਕੇ ਮਾਲਾ ਫੜ ਕੇ ਭਗਤੀ ਕਰਦੇ ਸੀ ਆਖਦੇ, ਜਦੋਂ ਤੋਂ ਇਹ ਮਾਲਾ ਫੜੀ ਉਦੋਂ ਤੋ ਸੁਖ ਨਹੀਂ ਮਿਲਿਆ। ਜਦੋਂ ਉਹਨਾਂ ਨੂੰ ਗਿਆਨ ਹੋਇਆ ਉਹਨਾਂ ਆਪਣੀ ਮਾਲਾ ਤਿਆਗ ਦਿੱਤੀ ਤੇ ਕੇਵਲ ਗਿਆਨ ਤੋਂ ਪ੍ਰਾਪਤ ਸੋਝੀ ਭਾਵ ਨਾਮ ਵਲ ਧਿਆਨ ਲਾ ਲਿਆ।

ਗਿਣਤੀ ਮਿਣਤੀ ਨਾਲ ਭਗਤੀ ਨਹੀਂ ਹੁੰਦੀ। ਕੋਈ ਕਹੇ ਜੀ ਮੈਂ ਸੌ ਵਾਰ ਮਾਲਾ ਫੇਰਦਾ, ੧੦੦ ਜਪਜੀ ਸਾਹਿਬ ਦੇ ਪਾਠ ਕਰਦਾਂ। ਇਸ ਨਾਲ ਕੋਈ ਲਾਭ ਨਹੀਂ। ਜਦੋਂ ਤਕ ਗਿਆਨ ਲੈਕੇ ਸੋਝੀ ਦਾ ਚਾਨਣਾ ਘਟ ਅੰਦਰ ਨਹੀਂ ਹੁੰਦਾ ਉਦੋਂ ਤਕ ਭਗਤੀ ਨਹੀਂ ਹੁੰਦੀ। ਫੋਕਟ ਕਰਮ ਹੀ ਹਨ। ਜਿਹੜੇ ਮਾਲਾ ਫੇਰਨ ਨੂੰ ਭਗਤੀ ਮੰਨਦੇ ਸੀ ਉਹਨਾਂ ਨੂੰ ਤਾਂ ਸਿੱਧਾ ਹੀ ਪੰਚਮ ਪਾਤਿਸ਼ਾਹ ਨੇ ਕਹਿਆ ”ਖਟੁ ਕਰਮਾ ਅਰੁ ਆਸਣੁ ਧੋਤੀ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥ ਮਾਲਾ ਫੇਰੈ ਮੰਗੈ ਬਿਭੂਤ॥ ਇਹ ਬਿਧਿ ਕੋਇ ਨ ਤਰਿਓ ਮੀਤ॥੩॥ ਸੋ ਪੰਡਿਤੁ ਗੁਰਸਬਦੁ ਕਮਾਇ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ॥ ਚਤੁਰ ਬੇਦ ਪੂਰਨ ਹਰਿ ਨਾਇ॥ ਨਾਨਕ ਤਿਸ ਕੀ ਸਰਣੀ ਪਾਇ॥” – ਜਿਹੜੇ ਨਿਤ ਪੋਥੀ ਪੜ ਰਹੇ ਹਨ, ਮਾਲਾ ਫੇਰਦੇ ਹਨ, ਆਖਦੇ ਇਸ ਬਿਧ (ਵਿਧੀ) ਨਾਲ ਕੋਈ ਨਹੀਂ ਤਰਿਆ। ਜੋ ਪੜ੍ਹ ਕੇ ਗਲ ਨੂੰ ਸਮਝਦਾ ਹੈ ਉਹ ਪੰਡਤ ਹੈ। ਜੋ ਗੁਰਸਬਦ ਦੀ ਕਮਾਈ ਕਰਦਾ ਹੈ। ਗੁਰ ਸ਼ਬਦ ਨੂੰ ਪੜ੍ਹ ਕੇ ਸਮਝ ਕੇ ਬੁੱਧ ਵਿੱਚ ਧਾਰਣ ਕਰਦਾ ਹੈ। ਫੇਰ ਤ੍ਰੈ ਗੁਣ ਮਾਇਆ ਦਾ ਜਦੋਂ ਅਸਰ ਮਨੁੱਖ ਦੀ ਬੁੱਧ ਤੋਂ ਖਤਮ ਹੋਵੇ ਤਾਂ ਉਸਨੂੰ ਚਤੁਰ ਸੁਜਾਣ ਸਮਝਿਆ ਜਾਣਾ। ਜਿਸ ਕੋਲ ਹਰਿ ਦਾ ਪੂਰਨ ਨਾਮ (ਸੋਝੀ) ਹੋਵੇ। ਤ੍ਰੈ ਗੁਣ ਮਾਇਆ ਬਾਰੇ ਵਿਚਾਰ ਪੜਨ ਲਈ ਵੇਖੋ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ

ਕਿਨਹੀ ਘੂਘਰ ਨਿਰਤਿ ਕਰਾਈ॥ ਕਿਨਹੂ ਵਰਤ ਨੇਮ ਮਾਲਾ ਪਾਈ॥ਕਿਨਹੀ ਤਿਲਕੁ ਗੋਪੀ ਚੰਦਨ ਲਾਇਆ॥ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ॥੫॥” – ਆਖਦੇ ਕੋਈ ਘੂਘਰ ਪਾ ਕੇ ਨਿਰਤ ਕਰਕੇ ਪਰਮੇਸਰ ਰਿਝਾਉਣ ਦਾ ਜਤਨ ਕਰਦਾ, ਕੋਈ ਵਰਤ ਕਰਦਾ, ਨੇਮ, ਜਾਂ ਮਾਲਾ ਨਾਲ। ਕੋਈ ਤਿਲਕ ਚੰਦਨ ਨਾਲ ਪਰਮੇਸਰ ਪ੍ਰਾਪਤੀ ਦਾ ਜਤਨ ਕਰਦਾ। ਆਖਦੇ ਮੈਂ ਤਾਂ ਹਰਿ ਹੀ ਧਿਆਇਆ (ਭਾਵ ਧਿਆਨ ਵਿੱਚ ਰੱਖਿਆ)

ਕਬੀਰ ਜੀ ਆਖਦੇ “ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥੧॥” – ਲੋਕਾਂ ਤਿਲਕ ਲਾ ਕੇ, ਹੱਥ ਵਿੱਚ ਮਾਲਾ ਫੜ ਲਈ, ਭਾਂਤ ਭਾਂਤ ਦੇ ਬਾਣੇ ਪਾ ਲਏ ਤੇ ਰਾਮ ਨੂੰ ਖਿਡੋਣਾ ਸਮਝ ਲਿਆ। ਜਿਵੇਂ ਆਹ ਬਾਹਰੀ ਭੇਖ ਨਾਲ ਬਿਨਾਂ ਗੁਣਾਂ ਦੇ ਗਿਆਨ ਤੋਂ ਰਾਮ ਪ੍ਰਾਪਤ ਹੋ ਜਾਣਾ। ਰਾਮ ਸਮਝਣ ਲਈ ਵੇਖੋ “ਗੁਰਮਤਿ ਵਿੱਚ ਰਾਮ”।

ਨਾਨਕ ਪਾਤਿਸ਼ਾਹ ਆਖਦੇ “ਪੜਿੑ ਪੁਸ੍ਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠੁ ਬਿਭੂਖਨ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੋ ਜਾਨਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚੈ ਕਰਮੰ॥ ਕਹੁ ਨਾਨਕ ਨਿਸਚੌ ਧੵਿਾਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥੧॥” – ਭਾਵ ਇਹ ਹੈ ਕੇ ਉਸ ਸਮੇਂ ਬਹੁਤ ਸਾਰੇ ਪੰਡਤ, ਵਿਦਵਾਨ, ਗਿਆਨੀ ਅਖੌਣ ਵਾਲੇ ਵੱਖ ਵੱਖ ਪੋਥੀਆ ਪੜਦੇ ਸੀ, ਗ੍ਰੰਥ ਪੜਦੇ ਸੀ, ਸਿਲ (ਪੱਥਰ) ਪੂਜਦੇ ਸੀ, ਬਗੁਲੇ ਵਾਂਗ ਇੱਕ ਪੈਰ ਤੇ ਖੜ ਕੇ ਤਪ ਕਰਦੇ ਸੀ, ਸੰਧਿਆ ਕਾਲ ਉਸ਼ਾ ਕਾਲ ਦੇ ਪਾਠ ਪੂਜਾ ਕਰਦੇ ਸੀ। ਬਿਨਾਂ ਗਿਆਨ ਬਿਨਾਂ ਸੋਝੀ (ਨਾਮ) ਤੋਂ ਇਹਨਾਂ ਸਾਰਿਆਂ ਕਰਮ ਕਾਂਡ ਨੂੰ ਫੋਕਟ ਕਰਮ ਆਖਦੇ ਨੇ। ਸਵਾਲ ਇਹ ਹੈ, ਕੀ ਰੱਬ, ਪਰਮੇਸਰ, ਖੁਦਾ ਸਾਡੇ ਤੋਂ ਇਹ ਸਬ ਮੰਗਦਾ? ਚਾਹੁਂਦਾ ਹੈ ਕੇ ਅਸੀਂ ਇਹ ਸਬ ਕਰੀਏ? ਕੀ ਰੱਬ ਇਸ ਸਬ ਨਾਲ ਖੁਸ਼ ਹੁੰਦਾ? ਸਾਡੇ ਕਿਰਦਾਰ ਸਾਡੇ ਗੁਣਾਂ ਵਿੱਚ ਕੀ ਫਰਕ ਪੈਂਦਾ? ਕੀ ਸਾਡੇ ਅਵਗੁਣ, ਸਾਡੇ ਡਰ, ਹਉਮੇ ਆਦੀ ਵਿੱਚ ਕੋਈ ਫਰਕ ਪੈਂਦਾ? ਇਹੀ ਸਬ ਅੱਜ ਸਿੱਖ ਵੀ ਕਰ ਰਹੇ ਹਨ ਪਰ ਰੂਪ ਬਦਲ ਗਿਆ ਹੈ। ਗੁਰਬਾਣੀ ਵਿੱਚ ਪਾਤਿਸ਼ਾਹ ਆਖਦੇ ਹਨ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥”। ਨਾਨਕ ਪਾਤਿਸ਼ਾਹ ਉਪਰ ਸ਼ਬਦ ਵਿੱਚ ਆਖਦੇ ਹਨ ਬਿਨਾਂ ਸਤਿਗੁਰ (ਸਤਿ – ਸੱਚਾ ਜੋ ਹਮੇਸ਼ਾ ਹੈ, ਗੁਰ – ਗੁਣ) ਭਾਵ ਸੱਚੇ ਦੇ ਗੁਣਾਂ ਨੂੰ ਪ੍ਰਾਪਤ ਕੀਤੇ ਬਿਨਾਂ ਬਾਟ (ਰਾਹ) ਨਹੀਂ ਪਾ ਸਕਦਾ।

ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ਹਉ ਮਾਂਗਉ ਸੰਤਨ ਰੇਨਾ॥ ਮੈ ਨਾਹੀ ਕਿਸੀ ਕਾ ਦੇਨਾ॥੧॥” – ਜਦੋਂ ਭਗਤਾਂ ਮਾਲਾ ਤਿਆਗ ਕੇ ਗਿਣਤੀ ਮਿਣਤੀ ਦੀ ਭਗਤੀ ਛੱਡ ਕੇ ਉਹ ਭਗਤੀ ਫੜੀ ਜਿਸ ਵਿੱਚ ਆਖਦੇ ਹਨ ਕੇ “ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ॥” ਫੇਰ ਕੀ ਕਾਰਣ ਹੈ ਸਿੱਖਾਂ ਨੇ ਦੁਬਾਰਾ ਅੱਜ ਮਾਲਾ ਚੱਕ ਲਈ? ਜੇ ਹਰ ਸਾਹ ਜਪਨੀ ਦਾ ਮਣਕਾ ਬਣਾਉਣ ਨੂੰ ਆਖਦੀ ਹੈ ਗੁਰਮਤਿ ਤਾਂ ਕੀ ਕਾਰਣ ਹੈ ਬਾਹਰ ਕਾਠ ਦੀ ਜਾਂ ਮਣਕਿਆਂ ਦੀ ਮਾਲਾ ਦੀ ਲੋੜ ਪੈ ਰਹੀ ਹੈ? ਕੀ ਇਹ ਅਗਿਆਨਤਾ ਹੈ ਜਾਂ ਇਹ ਕੇਵਲ ਧਰਮੀ ਹੋਣ ਦਾ ਵਿਖਾਵਾ ਹੈ।

ਕਈ ਸਵਾਲ ਕਰ ਸਕਦੇ ਹਨ ਕੇ ਨਾਨਕ ਨੇ ਵੀ ਤਾਂ ਫੜੀ ਹੋਈ ਹੈ ਫੋਟੋ ਵਿੱਚ। ਫੇਰ ਅਸੀਂ ਕਿਉਂ ਨਾ ਫੜੀਏ? ਤਾਂ ਨਿਹੰਗ ਧਰਮ ਸਿੰਘ ਜੀ ਨੇ ਇੱਕ ਸਵਾਲ ਪੁੱਛਿਆ ਸੀ ਕੇ ਜੇ ਕੋਈ ਨਾਨਕ ਦੇ ਹੱਥ ਵਿੱਚ ਏਕੇ ੪੭ ਫੜਾ ਕੇ ਫੋਟੋ ਬਣਾ ਦੇਵੇ ਤਾਂ ਕੀ ਫੇਰ ਇਹ ਮੰਨ ਲੈਣਾ ਚਾਹੀਦਾ ਹੈ ਕੇ ਨਾਨਕ ਨੇ ਵੀ ਏਕੇ ੪੭ ਫੜੀ ਸੀ, ੫੦-੧੦੦ ਸਾਲਾ ਵਿਛ ਉਹ ਫੋਟੋ ਵੇਖ ਕੇ ਲੋਕਾਂ ਨੇ ਸੱਚ ਮੰਨ ਲੈਣਾ। ਕੀ ਇਹ ਠੀਕ ਹੈ? ਕਲਾਕਾਰ ਨੇ ਆਪਣੀ ਭਾਵਨਾ ਨਾਲ ਨਾਨਕ ਦੀ ਮਾਲਾ ਨਾਲ ਪੇਂਟਿੰਗ ਬਣਾਈ ਪਰ ਇਹ ਜ਼ਰੂਰੀ ਤਾਂ ਨਹੀਂ ਕੇ ਉਸ ਕਲਾਕਾਰ ਨੂੰ ਗੁਰਮਤਿ ਦਾ ਪਤਾ ਸੀ। ਨਾਨਕ ਦੇ ਸਮੇਂ ਦੀ ਨਾਨਕ ਦੀ ਕਿਹੜੀ ਤਸਵੀਰ ਸਾਡੇ ਕੋਲ ਹੈ? ਨਾਨਕ ਨੇ ਆਪਣੇ ਵਿਚਾਰ ਲਿਖ ਕੇ ਆਪਣਾ ਗਿਆਨ ਸਾਡੇ ਨਾਲ ਸਾਂਝਾ ਕੀਤਾ ਹੈ ਤੇ ਆਖਦੇ ਹਨ “ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗੋੁਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥”, “ਗਲਿ ਮਾਲਾ ਤਿਲਕ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੋ ਜਾਨਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚੈ ਕਰਮੰ॥ ਕਹੁ ਨਾਨਕ ਨਿਸਚੌ ਧੵਿਾਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥੧॥”। ਜਦੋਂ ਨਾਨਕ ਨੇ ਨਾਮ ਭਾਵ ਸੋਝੀ ਨੂੰ ਗਿਆਨ ਨੂੰ ਕਿਸੇ ਵੀ ਦੁਨਿਆਵੀ ਕਰਮ ਕਾਂਡ ਤੋਂ ਉੱਪਰ ਮੰਨਿਆ ਹੈ ਤਾਂ ਫੇਰ ਅਸੀਂ ਕਿਉਂ ਭਟਕੀ ਜਾਂਦੇ ਹਾਂ? ਨਾਮ ਨੂੰ ਹੀ ਸਰਵਉੱਚ ਮੰਨਿਆ ਹੈ ਗੁਰਮਤਿ ਨੇ “ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥੩॥” ਪਰ ਅੱਜ ਦੇ ਸਿੱਖ ਨੂੰ ਨਾਮ ਕੀ ਹੈ ਨਹੀਂ ਪਤਾ। ਨਾਮ ਬਾਰੇ ਜਾਨਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਧੋਤੀ ਊਜਲ ਤਿਲਕੁ ਗਲਿ ਮਾਲਾ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ॥ ਨਾਮੁ ਵਿਸਾਰਿ ਮਾਇਆ ਮਦੁ ਪੀਆ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ॥੪॥” – ਸਿੱਖੀ ਬਾਹਰੀ ਭੇਖ, ਵਿਖਾਵਾ ਨਹੀਂ ਹੈ।

ਭਗਤ ਜੀ ਮਹਾਰਾਜ ਆਖਦੇ “ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ॥” – ਮਨੁੱਖ ਮਾਲਾ ਫੜੀ ਹੋਵੇ ਗਿਣਤੀ ਮਿਣਤੀ ਵਿੱਚ ਹੀ ਫਸ ਜਾਂਦਾ। ਫੇਰ ਦੱਸ ਹਜਾਰ ਵਾਰ ਮਾਲਾ ਫੇਰੀ, ਇੱਕ ਲੱਖ ਮਾਲਾ ਫੇਰੀ , ਬੱਸ ਇਹੀ ਚਲ ਰਹਿਆ ਹੁੰਦਾ, ਨਾ ਗਿਆਨ ਵਿੱਚ ਵਾਧਾ ਨਾ ਵਿਕਾਰ ਘਟਣੇ। ਨਾ ਹੀ ਨਾਮ ਦੀ ਪ੍ਰਾਪਤੀ ਹੋਣੀ। ਪੰਚਮ ਪਾਤਿਸ਼ਾਹ ਵੀ ਆਖਦੇ “ਏਕੈ ਸੂਤਿ ਪਰੋਏ ਮਣੀਏ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ॥ ਫਿਰਤੀ ਮਾਲਾ ਬਹੁ ਬਿਧਿ ਭਾਇ॥ਖਿੰਚਿਆ ਸੂਤੁ ਤ ਆਈ ਥਾਇ॥

ਫੇਰ ਪੰਚਮ ਪਾਤਿਸ਼ਾਹ ਨੇ ਤਾਂ ਸਪਸ਼ਟ ਹੀ ਕਹਿ ਦਿੱਤਾ “ਮਾਲਾ ਫੇਰੈ ਮੰਗੈ ਬਿਭੂਤ॥ ਇਹ ਬਿਧਿ ਕੋਇ ਨ ਤਰਿਓ ਮੀਤ॥

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ॥੭੫॥” – ਭਗਤ ਜੀ ਆਖਦੇ ਰਾਮ ਤੇਰੇ ਹਿਰਦੇ ਵਿੱਚ ਤਾਂ ਹੈ ਨਹੀਂ, ਨਾਂ ਤੂੰ ਰਾਮ ਨੂੰ ਸਮਝਿਆ ਤੇ ਬਾਹਰ ਹੱਥ ਵਿੱਚ ਕਾਠ ਦੀ ਜਪਨੀ ਕੀ ਵਿਖਾ ਰਹਿਆਂ ਹੈਂ? ਰਾਮ ਕੌਣ ਹੈ ਸਮਝਣ ਲਈ ਵੇਖੋ “ਗੁਰਮਤਿ ਵਿੱਚ ਰਾਮ

ਮਾਲਾ/ਜਪਨੀ ਛੱਡ ਗੁਰਬਾਣੀ ਤੋਂ ਗੁਰਮਤਿ ਗਿਆਨ ਦੀ ਵਿਚਾਰ ਕਰੀਏ ਤਾਂ ਪਤਾ ਲਗਦਾ ਗੁ੍ਰੂ ਸਾਹਿਬਾਨ ਆਖਦੇ ਹਨ “ਕਿਨਹੀ ਕਹਿਆ ਬਾਹ ਬਹੁ ਭਾਈ॥ ਕੋਈ ਕਹੈ ਮੈ ਧਨਹਿ ਪਸਾਰਾ॥ ਮੋਹਿ ਦੀਨ ਹਰਿ ਹਰਿ ਆਧਾਰਾ॥੪॥ ਕਿਨਹੀ ਘੂਘਰ ਨਿਰਤਿ ਕਰਾਈ॥ ਕਿਨਹੂ ਵਰਤ ਨੇਮ ਮਾਲਾ ਪਾਈ॥ ਕਿਨਹੀ ਤਿਲਕੁ ਗੋਪੀ ਚੰਦਨ ਲਾਇਆ॥ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ॥੫॥ ਕਿਨਹੀ ਸਿਧ ਬਹੁ ਚੇਟਕ ਲਾਏ॥ ਕਿਨਹੀ ਭੇਖ ਬਹੁ ਥਾਟ ਬਨਾਏ॥ ਕਿਨਹੀ ਤੰਤ ਮੰਤ ਬਹੁ ਖੇਵਾ॥ ਮੋਹਿ ਦੀਨ ਹਰਿ ਹਰਿ ਹਰਿ ਸੇਵਾ॥੬॥ ਕੋਈ ਚਤੁਰੁ ਕਹਾਵੈ ਪੰਡਿਤ॥ ਕੋ ਖਟੁ ਕਰਮ ਸਹਿਤ ਸਿਉ ਮੰਡਿਤ॥ ਕੋਈ ਕਰੈ ਆਚਾਰ ਸੁਕਰਣੀ॥ ਮੋਹਿ ਦੀਨ ਹਰਿ ਹਰਿ ਹਰਿ ਸਰਣੀ॥੭॥ ਸਗਲੇ ਕਰਮ ਧਰਮ ਜੁਗ ਸੋਧੇ॥ ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ॥ ਕਹੁ ਨਾਨਕ ਜਉ ਸਾਧਸੰਗੁ ਪਾਇਆ॥ ਬੂਝੀ ਤ੍ਰਿਸਨਾ ਮਹਾ ਸੀਤਲਾਇਆ॥

ਅਸਲ ਗਲ ਹੈ ਕੇ ਲੋਕਾਂ ਪਰਮੇਸਰ ਨੂੰ ਖਿਡੌਣਾ ਮੰਨਿਆ ਹੋਇਆ ਹੈ ਕੇ ਜੀ ਅਸੀਂ ਬਾਰ ਬਾਰ ਇੱਕ ਸ਼ਬਦ ਨੂੰ ਰੱਟਾਂਗੇ, ਗਾ ਕੇ ਜਾਂ ਮੱਥੇ ਟੇਕ ਕੇ ਰੱਬ ਨੂੰ ਭਾਵੁਕ ਕਰਕੇ ਜਾਂ ਲਾਲਚ ਦੇ ਕੇ ਕਾਬੂ ਕਰ ਲਵਾਂਗੇ। ਭਗਤ ਜੀ ਆਖਦੇ “ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥੧॥” ਰੱਬ ਕਾਬੂ ਆਉਂਦਾ ਗੁਣਾਂ ਦੇ ਗਿਆਨ ਨਾਲ, ਗੁਣ ਵਿਚਾਰ ਕੇ ਗੁਣਾਂ ਨੂੰ ਹਾਸਿਲ ਕਰਕੇ। ਹਰਿਜਨ ਆਖਦੇ ਕਿੱਦਾਂ ਦਾ ਹੋਵੇ? ਜਿਹੋ ਜਿਹਾ ਹਰਿ ਹੈ। ਹਰਿ ਵਰਗਾ ਬਣਨ ਲਈ ਹਰਿ ਦੇ ਗੁਣ ਧਾਰਣ ਕਰਨੇ ਪੈਣੇ। ਨੌਟੰਕੀ ਨਾਲ ਨਹੀਂ ਗਲ ਬਣਨੀ। ਸੁਚ ਤੇ ਸੱਚ ਦੀ ਮਾਲਾ (ਗਿਆਨ) ਗੁਣਾਂ ਦੀ ਮਾਲਾ ਦੀ ਲੋੜ ਪੈਣੀ। “ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ॥ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ॥” – ਇਹ ਵਿਰਲਿਆਂ ਨੂੰ ਸੋਝੀ ਹੁੰਦੀ ਹੈ। ਫੇਰ ਆਖਦੇ ਹਨ “ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ॥ ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ॥” – ਆਖਦੇ ਕੀ ਹੋਇਆ ਜੇ ਤੂੰ ਬੈਸਨੋ ਹੋ ਗਿਆ, ਮਾਸ ਦਾ ਤਿਆਗੀ ਹੋ ਗਿਆ, ਮਾਲਾ ਵੀ ਫੇਰ ਲਈ, ਬਾਹਰੋਂ ਭੇਖ ਸੋਨੇ ਵਰਗਾ ਬਣਾ ਲਿਆ ਅੰਦਰ ਤਾਂ ਅਵਗੁਣਾਂ ਦੀ ਵਿਕਾਰਾਂ ਦੀ ਭੰਗਾਰ (ਕੂੜਾ/ਕਰਕਟ/ਮੈਲ) ਭਰੀ ਪਈ ਹੈ। ਗੁਰਮਤਿ ਦੀ ਮਾਸ ਬਾਰੇ ਵਿਚਾਰ ਸਮਝਣ ਲਈ ਵੇਖੋ “ਮਾਸ ਖਾਣਾ (Eating Meat) ਅਤੇ ਝਟਕਾ (Jhatka)

ਮਾਲਾ/ ਜਪਨੀ ਕਿਹੜੀ ਚਾਹੀਦੀ ਹੈ ਸਿੱਖ ਨੂੰ?

ਸਿੱਖ ਨੂੰ ਜਿਹੜੀ ਮਾਲਾ ਚਾਹੀਦੀ ਹੈ ਗੁਰਮਤਿ ਨੇ ਸਮਝਾਇਆ ਹੈ

ਹਰਿ ਹਰਿ ਅਖਰ ਦੁਇ ਇਹ ਮਾਲਾ॥ ਜਪਤ ਜਪਤ ਭਏ ਦੀਨ ਦਇਆਲਾ॥੧॥ ਕਰਉ ਬੇਨਤੀ ਸਤਿਗੁਰ ਅਪੁਨੀ॥ ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ॥੧॥ ਰਹਾਉ॥ ਹਰਿ ਮਾਲਾ ਉਰ ਅੰਤਰਿ ਧਾਰੈ॥ ਜਨਮ ਮਰਣ ਕਾ ਦੂਖੁ ਨਿਵਾਰੈ॥੨॥ ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ॥ ਸੋ ਜਨੁ ਇਤ ਉਤ ਕਤਹਿ ਨ ਡੋਲੈ॥੩॥ ਕਹੁ ਨਾਨਕ ਜੋ ਰਾਚੈ ਨਾਇ॥ ਹਰਿ ਮਾਲਾ ਤਾ ਕੈ ਸੰਗਿ ਜਾਇ॥

ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ॥ ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ॥ ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ॥ ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ॥ ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ॥੧੮॥

ਹਿਰਦੈ ਜਪਨੀ ਜਪਉ ਗੁਣਤਾਸਾ॥ ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ॥੧॥

ਭਾਵ ਮਨੁੱਖ ਜਪਨੀ ਘਟ/ਘਰ/ਹਿਰਦੇ ਵਿੱਚ ਲੈ ਕੇ ਜਨਮਿਆਂ ਹੈ। ਮਨੁੱਖ ਦਾ ਹਰ ਸਾਹ ਚਲਦਾ ਹੀ ਜਪਨੀ ਹੈ। ਹਰ ਵੇਲੇ, ਹਰ ਸਮੇਂ ਗਿਆਨ ਵਲ ਧਿਆਨ ਰੱਖਣਾ ਹੈ, ਗੁਣਾਂ ਵਲ ਧਿਆਨ ਰਹੇ। ਅਵਗੁਣ ਪੈਦਾ ਨਾ ਹੋਣ। ਹਰਿ ਦੇ ਗੁਣਾਂ ਦੀ ਵਿਚਾਰ ਨਿਰੰਤਰ ਚੱਕੇ। ਪ੍ਰੇਮਾ ਭਗਤੀ ਵਿੱਚ ਅੱਠੇ ਪਹਿਰ ਲੀਨ ਰਹੇ। ਇਹੀ ਭਗਤੀ ਹੈ। ਭਗਤੀ ਅਤੇ ਪੂਜਾ ਕੀ ਹੈ ਸਮਝਣ ਲਈ ਵੇਖੋ “ਭਗਤੀ ਅਤੇ ਪੂਜਾ”। ਸਿੱਖ ਦਾ ਹਰ ਵੇਲਾ ਅੰਮ੍ਰਿਤ ਵੇਲਾ ਹੋਵੇ। ਅੰਮ੍ਰਿਤ ਵੇਲਾ ਸਮਝਣ ਲਈ ਵੇਖੋ “ਭਲਕਾ, ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ”। ਇਸ ਗਿਆਨ ਦੀ ਮਾਲਾ ਨਾਲ ਸੰਸਾਰੀ, ਆਤਮਿਕ ਸ਼ਾਂਤੀ, ਸਦਭਾਵ ਬਣੇ। ਕਿਸੇ ਨਾਲ ਵੀ ਵੈਰ ਵਿਰੋਧ ਨਾ ਰਹੇ। ਗੁਰਮਤਿ (ਗੁਣਾਂ ਦੀ ਮਤਿ) ਦਾ ਪ੍ਰਚਾਰ ਹੋਵੇ। ਲੋਕਾਂ ਨੂੰ ਮਨੁੱਖੀ ਧਰਮ ਦੀ ਸੋਝੀ ਪਵੇ। ਧਰਮ ਸਮਝਣ ਲਈ ਵੇਖੋ “ਧਰਮ”।

Resize text